ਮਿਠਬੋਲੜੇ,ਗਰੀਬਾ ਦੇ ਮਸੀਹਾ, ਸੇਵਾ ਅਤੇ ਸਿਮਰਨ ਦੇ ਗੁਣੀ ਸਨ : ਨੰਬਰਦਾਰ ਤ੍ਰਿਲੋਕ ਸਿੰਘ ਡੀ ਐਸ ਪੀ
ਜਲੰਧਰ (ਸੰਦੀਪ ਡਰੋਲੀ)
ਸ. ਤ੍ਰਿਲੋਕ ਸਿੰਘ ਜੀ ਦਾ ਜਨਮ 6 ਜੂਨ 1947 ਈ. ਨੂੰ ( ਲਾਹੌਰ )ਪਾਕਿਸਤਾਨ ਵਿੱਚ ਹੋਇਆ ਸੀ l ਆਪ ਜੀ ਦੇ ਪਿਤਾ ਜੀ ਦਾ ਨਾਮ ਨੰਬਰਦਾਰ ਛੱਜਾ ਸਿੰਘ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਰਾਮ ਰੱਖੀ ਜੀ ਸੀ l
ਆਪ ਜੀ ਦੇ 4 ਵੱਢੇ ਭਰਾ ਅਤੇ 2 ਵੱਡੀਆਂ ਭੈਣਾਂ ਸਨ l ਆਪ ਸਭ ਤੋਂ ਛੋਟੇ ਸੀ l
45 ਦਿਨਾਂ ਦੀ ਹੀ ਬਾਲ ਉਮਰ ਵਿੱਚ ਆਪ ਜੀ ਪਾਕਿਸਤਾਨ ਤੋਂ ਆਪਣੇ ਸਾਰੇ ਪਰਿਵਾਰ ਸਮੇਤ ਪੰਜਾਬ (ਡਰੋਲੀ ਕਲਾਂ )ਆਂ ਗਏ ਸਨ l
ਸਾਰੀ ਵਿੱਦਿਆ ਡਰੋਲੀ ਕਲਾਂ ਤੋਂ ਹੀ ਆਪ ਜੀ ਨੇ ਹਾਸਿਲ ਕੀਤੀ l ਆਪ ਜੀ ਨੇ ਉਸ ਸਮੇਂ ਦੀਆ 10 ਕਲਾਸਾਂ ਪਾਸ ਕੀਤੀਆਂ l ਉਸ ਤੋਂ ਉਪਰੰਤ ਆਪ ਸੀ ਆਰ ਪੀ ਐਫ ਵਿੱਚ ਭਾਰਤੀ ਹੋ ਗਏ l ਸਨ 1972 ਵਿੱਚ ਆਪ ਜੀ ਦੀ ਸ਼ਾਦੀ ਹੋਈ l ਆਪ ਜੀ ਨੇ ਨੌਕਰੀ ਵਿੱਚ ਇੱਕ ਸਿਪਾਹੀ ਤੋਂ ਡੀ ਐਸ ਪੀ ਤੱਕ ਦਾ ਸਫ਼ਰ ਬੁਹਤ ਇਮਾਨਦਾਰੀ ਤੇ ਨਿਡਰਤਾ ਨਾਲ ਤਹਿ ਕੀਤਾ l
ਆਪ ਜੀ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਆਪ ਜੀ ਨੂੰ ਸੀ ਬੀ ਆਈ ਵਿੱਚ ਲੈ ਲਿਆ l ਜਿਥੇ ਆਪ ਜੀ ਨੇ 5 ਸਾਲ ਦੀ ਨੌਕਰੀ ਕੀਤੀ ਤੇ ਸਨ 2005 ਵਿੱਚ ਸੇਵਾ ਮੁਕਤ ਹੋ ਗਏ l 2005 ਤੋਂ ਆਪਣੇ ਆਖਰੀ ਸਵਾਸ ਤੱਕ ਆਪ ਜੀ ਨੇ ਆਪਣੇ ਪਿੰਡ ਦੀ ਤੇ ਪਿੰਡ ਦੇ ਵਸਨੀਕਾ ਦੀ ਆਪਣੇ ਤਨ ਮਨ ਤੇ ਧਨ ਨਾਲ ਸੇਵਾ ਕੀਤੀ l
ਆਪ ਤਿੰਨ ਸਾਲ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਮੁਫ਼ਤ ਸਿਖਿਆ ਦਿੰਦੇ ਰਹੇ l ਉਸਤੋਂ ਬਾਦ ਆਪ ਆਪਣੇ ਘਰ ਵਿੱਚ ਗਰੀਬ ਤੇ ਜ਼ਰੂਰਤ ਮੰਦ ਬੱਚਿਆਂ ਨੂੰ ਮੁਫ਼ਤ ਵਿਦਿਆ ਦਿੰਦੇ ਰਹੇ l
ਆਪ ਜੀ ਦੇ ਦਿਲ ਵਿੱਚ ਬੱਚਿਆਂ ਪ੍ਰਤੀ ਹਮੇਸ਼ਾ ਸਨੇਹ ਪਿਆਰ ਰਿਹਾ l ਆਪ ਜੀ ਇੱਕ ਰਹਿਮ ਦੀ ਮੂਰਤ ਸਨ l
ਪਿੰਡ ਦੇ ਲੋਕ ਆਪ ਜੀ ਨੂੰ ਸਾਧੂ ਕਹਿੰਦੇ ਸਨ l ਸਾਰਾ ਪਿੰਡ ਆਪ ਜੀ ਦਾ ਬਹੁਤ ਸਤਿਕਾਰ ਕਰਦਾ ਸੀ l
ਆਪ ਜੀ ਪਿੰਡ ਦੇ ਹਰ ਪਰਿਵਾਰ ਦੇ ਦੁੱਖ ਦੀ ਘੜੀ ਵਿਚ ਓਹਨਾ ਦਾ ਸਾਥ ਦਿੰਦੇ ਹੁੰਦੇ ਸੀ l
ਮਿਤੀ 10.8.2018 ਨੂੰ ਆਪ ਗੁਰੂ ਸਾਹਿਬ ਜੀ ਦੇ ਬਖਸ਼ੇ ਸੁਆਸਾਂ ਦੀ ਪੂੰਜੀ ਨੂੰ ਸਮਾਪਤ ਕਰਕੇ ਇਸ ਫਾਨੀ ਸੰਸਾਰ ਨੂੰ ਆਖਰੀ ਫਤਿਹ ਬੁਲਾ ਗਏ l
ਆਪ ਜੀ ਦਾ ਅੰਤਿਮ ਸੰਸਕਾਰ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸ਼੍ਰੀ ਮਾਨ ਬਾਬਾ ਦਿਲਾਵਰ ਸਿੰਘ ਜੀ ਬ੍ਰਹਮਜੀ (ਡੇਰਾ ਸੰਤ ਪੂਰਾ ਮਾਣਕੋ )ਜੀ ਨੇ ਗੁਰੂ ਸਾਹਿਬ ਜੀ ਦੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਆਪਣੇ ਕਰ ਕਮਲਾ ਨਾਲ ( ਇੱਕ ਸਾਧੂ ਦੀ ਤਰਾਂ ) ਕੀਤਾ ਸੀ,ਤੇ ਬਾਬਾ ਜੀ ਨੇ ਆਪਣੇ ਮੁਖੋ ਇਹ ਵਚਨ ਫ਼ਰਮਾਇਆ ਸੀ, ਕੇ ਸ. ਤ੍ਰਿਲੋਕ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਨਾਲ ਪਿੰਡ ਹੀ ਨਹੀਂ ਸਗੋ ਸਾਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ l
ਸ. ਤ੍ਰਿਲੋਕ ਸਿੰਘ ਜੀ ਆਪਣੇ ਮਗਰ ਆਪਣੀ ਧਰਮ ਪਤਨੀ ਮਾਤਾ ਕਮਲਜੀਤ ਕੌਰ ਜੀ ,ਸਪੁੱਤਰ ਮਨਜਿੰਦਰ ਸਿੰਘ ,ਸਪੁੱਤਰ ਮਨਦੀਪ ਸਿੰਘ ,ਸਪੁੱਤਰੀ ਅਮਨਦੀਪ ਕੌਰ ਨੂੰ ਛੱਡ ਗਏ ਹਨ l ਜੋ ਅੱਜ ਕੱਲ ਇੰਗਲੈਂਡ ਦੀ ਧਰਤੀ ਤੇ ਜੀਵਨ ਬਤੀਤ ਕਰ ਰਹੇ ਹਨ l ਉਹ ਵੀ ਆਪਣੇ ਸਤਿਕਾਰਯੋਗ ਪਿਤਾ ਜੀ ਦੇ ਦਿਖਾਏ ਮਾਰਗ ਤੇ ਚੱਲਦੇ ਹੋਏ ਸਮਾਜ ਦੀ ਤਨ ਮਨ ਤੇ ਧਨ ਨਾਲ ਹਰ ਤਰਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਹਨ l ਇੰਨੇ ਸਾਲ ਬਾਹਰ ਰਹਿਣ ਦੇ ਬਾਵਜੂਦ ਵੀ ਉਹ ਆਪਣੇ ਪਿੰਡ ਨੂੰ ਤੇ ਪਿੰਡ ਵਾਲਿਆਂ ਨੂੰ ਹਮੇਸ਼ਾ ਆਪਣੇ ਦਿੱਲ ਵਿਚ ਵਸਾ ਕੇ ਰੱਖਦੇ ਹਨ l
ਆਪ ਜੀ ਦੇ ਬਰਸੀ ਸਮਾਗਮ ਦੇ ਨਮਿਤ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਆਪ ਦੇ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਯੂ ਕੇ ਵਿਖੇ ਮਿਤੀ 14 ਅਗਸਤ ਨੂੰ ਪਵਾਏ ਜਾਣਗੇ, ਜਿਸ ਵਿੱਚ ਗੁਰੂ ਘਰ ਦੇ ਪ੍ਰਸਿੱਧ ਰਾਗੀ ਢਾਡੀ ਜਥੇ ਗੁਰਬਾਣੀ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਇਸ ਦੌਰਾਨ ਗੁਰੂ ਕੀ ਦੇਗ ਕੜਾਹ ਪ੍ਰਸ਼ਾਦ ਉਪਰੰਤ ਸਮੂਹ ਸੰਗਤਾਂ ਨੂੰ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ, ਪਰਿਵਾਰ ਵਲੋਂ ਸਮੂਹ ਸੰਗਤਾਂ ਨੂੰ ਸਮਾਗਮ ਦੋਰਾਨ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਅਤੇ ਇਸੇ ਤਰਾਂ ਹੀ ਉਹਨਾਂ ਦੇ ਪਰਿਵਾਰ ਵਲੋਂ ਆਪਣੇ ਪੂਰਵਜਾਂ ਦੀ ਯਾਦ ਵਿੱਚ ਆਪਣੇ ਜੱਦੀ ਪਿੰਡ ਡਰੋਲੀ ਕਲਾਂ ਦੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਵਿਖੇ ਵੀ 14 ਅਗਸਤ ਨੂੰ ਭੋਗ ਪਾਏ ਜਾਣਗੇ, ਜਿਸ ਵਿੱਚ ਕੀਰਤਨ ਉਪਰੰਤ ਸਮੂਹ ਆਈ ਹੋਈ ਸੰਗਤ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ, ਜਿਸ ਵਿੱਚ ਪੰਜਾਬ ਰਹਿੰਦੇ ਪਰਿਵਾਰ ਦੇ ਰਿਸ਼ਤੇਦਾਰ ਅਤੇ ਸਮੂਹ ਭਾਈਚਾਰੇ ਨੂੰ ਪਰਿਵਾਰ ਵਲੋਂ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ l
ਸ. ਤ੍ਰਿਲੋਕ ਸਿੰਘ ਜੀ ਦੀ ਬਰਸੀ ਤੇ ਅੱਜ ਅਸੀਂ ਉਹਨਾਂ ਦੇ ਪਰਿਵਾਰ, ਰਿਸ਼ਤੇਦਾਰ,ਸਾਕ ਸਬੰਧੀਆਂ ਸਮੇਤ ਉਹਨਾ ਨੂੰ ਸੱਚੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ l ਇਹੋ ਜਿਹੀਆਂ ਪਾਕ ਪਵਿੱਤਰ ਰੂਹਾਂ ਸੰਸਾਰ ਵਿੱਚ ਕਦੇ ਕਦਾਈਂ ਜਨਮ ਲੈਂਦੀਆਂ ਨੇ, ਜਿਨ੍ਹਾਂ ਨੂੰ ਦੁਨੀਆ ਜਾਣ ਤੋਂ ਬਾਅਦ ਵੀ ਯਾਦ ਕਰਦੀ ਹੈ l
Comments
Post a Comment