*ਜੋਗਿੰਦਰ ਸਿੰਘ ਮਾਨ ਤੇ ਲੱਗੇ ਗਾਲੀ ਗਲੋਚ ਦੇ ਦੋਸ਼*
ਫਗਵਾੜਾ 2 ਮਈ (ਆਰ.ਡੀ.ਰਾਮਾ)ਅੱਜ ਫਗਵਾੜਾ ਦੇ ਨਗਰ ਨਿਗਮ ਦਫਤਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋ ਕਾਂਗਰਸੀ ਅਤੇ ਆਪ ਆਗੂਆਂ ਵਿੱਚ ਅੱਗ ਬਝਾਊਣ ਵਾਲੀਆਂ ਦੋ ਗੱਡੀਆਂ ਦੇ ਉਦਘਾਟਨ ਨੂੰ ਤਕਰਾਰ ਬਾਜ਼ੀ ਹੋ ਗਈ । ਇਹ ਗੱਡੀਆਂ ਫਗਵਾੜਾ ਫਾਇਰ ਸਟੇਸ਼ਨ ਵਿੱਚ ਖੜ੍ਹੀਆਂ ਸਨ, ਜਿਨ੍ਹਾਂ ਨੂੰ ਲੈ ਕੇ ਜਾਣ ਲਈ ਹਲਕਾ ਫਿਲੌਰ ਤੋਂ ਚੋਣ ਲੜ ਚੁੱਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਆਪਣੇ ਵਰਕਰਾਂ ਨਾਲ ਸਵੇਰੇ ਨਗਰ ਨਿਗਮ ਦਫ਼ਤਰ ਵਿਖੇ ਪਹੁੰਚ ਗਏ ਸਨ। ਜਦੋ ਇਸ ਦਾ ਪਤਾ ਕਾਂਗਰਸੀ ਕੌਂਸਲਰਾਂ ਅਤੇ ਹਲਕਾ ਵਿਧਾਇਕ ਵਿਕਰਮਜੀਤ ਸਿੰਘ ਨੂੰ ਲੱਗਾ ਤਾਂ ਉਹ ਵੀ ਆਪਣੇ ਵਰਕਰਾਂ ਸਮਰਥਕਾਂ ਨਾਲ ਨਗਰ ਨਿਗਮ ਵਿਚ ਪਹੁੰਚੇ, ਉਕਤ ਦੋਵਾਂ ਪਾਰਟੀਆ ਦੇ ਆਗੂਆਂ ਵਲੋ ਸ਼ੋਹਰਤ ਖੱਟਣ ਖਾਤਰ ਦੋਵੇ ਪਾਰਟੀਆਂ ਵਿਚ ਬਹਿਸਬਾਜ਼ੀ ਸ਼ੁਰੂ ਹੋ ਗਈ।
ਇਸ ਤੋਂ ਬਾਅਦ ਹਲਕਾ ਫਗਵਾੜਾ ਤੋਂ ਆਪ ਪਾਰਟੀ ਦੇ ਹਾਰੇ ਉਮੀਦਵਾਰ ਸਰਦਾਰ ਜੋਗਿੰਦਰ ਸਿੰਘ ਮਾਨ ਵੀ ਆਪਣੇ ਵਰਕਰਾਂ ਅਤੇ ਸਮਰਥੱਕਾ ਨਾਲ ਨਗਰ ਨਿਗਮ ਫਗਵਾੜਾ ਵਿਖੇ ਪਹੁੰਚ ਗਏ। ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਏ. ਡੀ. ਸੀ. ਫਗਵਾੜਾ ਦੇ ਦਫ਼ਤਰ ਵਿੱਚ ਏ. ਡੀ. ਸੀ. ਐੱਸ. ਟੀ. ਐੱਫ਼. ਡੀ. ਐੱਸ. ਪੀ. ਫਗਵਾੜਾ ਅਤੇ ਕਾਰਜ ਸਾਧਕ ਅਫ਼ਸਰ ਦੀ ਮੌਜੂਦਗੀ ਵਿੱਚ ਹੀ ਆਪ ਦੇ ਵਰਕਰਾਂ ਲੀਡਰਾਂ ਅਤੇ ਕਾਂਗਰਸੀ ਵਿਧਾਇਕ ਅਤੇ ਲੀਡਰਾਂ ਵਿਚਕਾਰ ਬਹਿਸ ਬਾਜ਼ੀ ਸ਼ੁਰੂ ਹੋ ਗਈ।
ਇਸ ਮੌਕੇ ਅੱਪਰਾ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਕੌਰ ਸਹੋਤਾ ਨੇ ਕਿਹਾ ਕਿ ਹਲਕਾ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੀ ਚੋਣ ਹਾਰੇ ਸਰਦਾਰ ਜੋਗਿੰਦਰ ਸਿੰਘ ਮਾਨ ਵੱਲੋਂ ਈ. ਡੀ. ਸੀ. ਦੇ ਦਫ਼ਤਰ ਵਿੱਚ ਸਾਰੇ ਅਫ਼ਸਰਾਂ, ਪੱਤਰਕਾਰਾਂ ਅਤੇ ਵਰਕਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਹਨ ਅਤੇ ਬਾਹਰ ਵੇਖ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਸੀ. ਐੱਮ. ਸਾਰਿਆਂ ਦੇ ਸਾਂਝੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਲੀਡਰਾਂ ਨੂੰ ਅਤੇ ਵਰਕਰਾਂ ਨੂੰ ਮਹਿਲਾਵਾਂ ਨਾਲ ਬੋਲਣ ਦਾ ਕਿੰਨਾ ਵਧੀਆ ਤਰੀਕਾ ਹੈ ਉਹ ਅੱਜ ਸਭ ਨੇ ਵੇਖ ਲਿਆ ਹੈ। ਉਨ੍ਹਾਂ ਇਸ ਸਬੰਧੀ ਲਿਖਤੀ ਸ਼ਿਕਾਇਤ ਸਰਦਾਰ ਜੋਗਿੰਦਰ ਸਿੰਘ ਮਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਖ਼ਿਲਾਫ਼ ਐੱਸ. ਪੀ. ਫਗਵਾੜਾ ਨੂੰ ਦਿੱਤੀ ਹੈ ਅਤੇ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਨ੍ਹਾਂ ਦੇ ਵਰਕਰਾਂ ਵੱਲੋਂ ਮੇਰੇ ਪਤੀ ਨਾਲ ਵੀ ਹੱਥੋਪਾਈ ਕਰਦੇ ਹੋਏ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ ਹੈ।
ਇਸ ਸਬੰਧੀ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਹਲਕਾ ਫਿਲੌਰ ਵਿੱਚ ਅੱਗ ਬਝਾਊ ਗੱਡੀਆਂ ਦੀ ਕਾਫ਼ੀ ਜ਼ਰੂਰਤ ਸੀ, ਜਿਸ ਲਈ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਵੱਲੋਂ ਹਲਕੇ ਲਈ ਅੱਗ ਬਝਾਊ ਗੱਡੀਆਂ ਲਿਆਉਣ ਲਈ ਯਤਨ ਕੀਤੇ ਜਾ ਰਹੇ ਸਨ ਅਤੇ ਸੀ.ਐੱਮ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਗਈ ਸੀ, ਜਿਸ ਤੋਂ ਬਾਅਦ ਦੋ ਗੱਡੀਆਂ ਉਨ੍ਹਾਂ ਨੂੰ ਮਿਲੀਆਂ ਹਨ ਅਤੇ ਸੋਮਵਾਰ ਨੂੰ ਨਗਰ ਕੌਂਸਲ ਫਿਲੌਰ ਗੁਰਾਇਆ ਦੇ ਪ੍ਰਧਾਨ ਕੌਂਸਲਰ ਅਤੇ ਕਾਰਜ ਸਾਧਕ ਅਫ਼ਸਰ ਇਹ ਗੱਡੀਆਂ ਲੈਣ ਲਈ ਏ.ਡੀ. ਸੀ. ਦਫ਼ਤਰ ਫਗਵਾੜਾ ਵਿਚ ਪਹੁੰਚੇ ਸਨ ਪਰ ਇੱਥੇ ਸੀਨੀਅਰ ਲੀਡਰਾਂ ਜਿਨ੍ਹਾਂ ਵਿਚ ਸਰਦਾਰ ਜੋਗਿੰਦਰ ਸਿੰਘ ਮਾਨ ਜੋ ਲੰਮਾ ਸਮਾਂ ਕਾਂਗਰਸ ਵਿੱਚ ਵੀ ਰਹੇ ਹਨ ਉਨ੍ਹਾਂ ਵੱਲੋਂ ਅਫ਼ਸਰਾਂ ਦੀ ਹਾਜ਼ਰੀ ਵਿੱਚ ਹੀ ਮਹਿਲਾ ਨਾਲ ਗਾਲੀ ਗਲੋਚ ਅਤੇ ਧਮਕੀਆਂ ਦੇਣੀਆਂ ਕਾਫ਼ੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਇਹ ਹਲਕਾ ਫਿਲੌਰ ਦਾ ਮਾਮਲਾ ਹੈ ਅਤੇ ਇਹ ਕਿਸੇ ਵੀ ਪਾਰਟੀ ਦੀਆਂ ਗੱਡੀਆਂ ਨਹੀਂ ਇਹ ਹਲਕਾ ਫਿਲੌਰ ਤੇ ਗੋਰਾਇਆਂ ਦੀ ਜਨਤਾ ਦੀ ਸਹੂਲਤ ਲਈ ਗੱਡੀਆਂ ਆਈਆਂ ਹਨ ਜਿਸ ਵਿਚ ਇਕ ਗੁਰਾਇਆ ਦੂਜੀ ਫਿਲੌਰ ਲਈ ਹੈ ਪਰ ਇਸ ਮਾਮਲੇ ਨੂੰ ਵਧਾਉਣਾ ਬਹੁਤ ਬੁਰੀ ਗੱਲ ਹੈ । ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੀ ਚੋਣ ਲੜ ਚੁੱਕੇ ਜੁਗਿੰਦਰ ਸਿੰਘ ਮਾਨ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫਿਲੌਰ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਵੱਲੋਂ ਮਾਹੌਲ ਖ਼ਰਾਬ ਕੀਤਾ ਗਿਆ ਹੈ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦੋ ਅੱਗ ਬਝਾਊਣ ਵਾਲੀਆਂ ਗੱਡੀਆਂ ਜੋ ਭੇਜੀਆਂ ਗਈਆਂ ਸਨ। ਉਹ ਹਲਕਾ ਫਿਲੌਰ ਵਿੱਚ ਜਾ ਰਹੀਆਂ ਸਨ ਪਰ ਇਨ੍ਹਾਂ ਵੱਲੋਂ ਇਥੇ ਆ ਕੇ ਮਾਹੌਲ ਖ਼ਰਾਬ ਕੀਤਾ ਗਿਆ ਹੈ।
ਇਸ ਸਬੰਧੀ ਨਗਰ ਨਿਗਮ ਫਗਵਾੜਾ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਗ ਬਝਾਊਣ ਵਾਲੀਆਂ ਦੀਆਂ ਦੋ ਗੱਡੀਆਂ ਫਿਲੌਰ ਅਤੇ ਗੋਰਾਇਆ ਲਈ ਸ਼ੁੱਕਰਵਾਰ ਨੂੰ ਫਗਵਾੜਾ ਵਿੱਚ ਆਈਆਂ ਸਨ, ਜੋ ਫਿਲੌਰ ਵਿੱਚ ਜਾਣੀਆਂ ਸਨ, ਜਿਨ੍ਹਾਂ ਨੂੰ ਅੱਜ ਫਿਲੌਰ ਵਿੱਚ ਭੇਜਣਾ ਸੀ ਪਰ ਦੋ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਿਚ ਆਪਸੀ ਬਹਿਸਬਾਜ਼ੀ ਹੋ ਗਈ, ਜਿਸ ਕਾਰਨ ਗੱਡੀਆਂ ਇੱਥੇ ਹੀ ਖੜ੍ਹੀਆਂ ਹਨ। ਇਸ ਸਬੰਧੀ ਐੱਸ. ਪੀ. ਫਗਵਾੜਾ ਐੱਚ. ਪੀ. ਐੱਸ ਪਰਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਕੌਰ ਸਹੋਤਾ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜੋ ਉਨ੍ਹਾਂ ਨੇ ਡੀ. ਐੱਸ. ਪੀ. ਫਗਵਾੜਾ ਮਾਰਕ ਕਰ ਦਿੱਤੀ ਹੈ, ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
Comments
Post a Comment