ਕਾਰਪੋਰੇਸ਼ਨ ਦੀ ਲਾਪਰਵਾਹੀ ਕਾਰਨ ਭਗਤਪੁਰਾ ਤੇ ਸਤਨਾਮਪੁਰਾ ਦੇ ਲੋਕ ਹੋ ਰਹੇ ਪਰੇਸ਼ਾਨ
* ਕੂੜੇ ਦੇ ਢੇਰ ਚੁਕਵਾਉਣ ਤੇ ਵਾਟਰ ਪੰਪ ਠੀਕ ਕਰਵਾਉਣ ਲਈ ਦਿੱਤਾ ਮੰਗ ਪੱਤਰ
ਫਗਵਾੜਾ 21 ਅਪ੍ਰੈਲ (ਆਰ.ਡੀ.ਰਾਮਾ)
ਫਗਵਾੜਾ ਦੇ ਮੁਹੱਲਾ ਭਗਤਪੁਰਾ, ਪ੍ਰੀਤ ਨਗਰ, ਆਦਰਸ਼ ਨਗਰ, ਮਨਸਾ ਦੇਵੀ ਨਗਰ ਤੇ ਸ਼ਹੀਦ ਊਧਮ ਸਿੰਘ ਨਗਰ ਦੇ ਵਸਨੀਕਾਂ ਦਾ ਇਕ ਵਫਦ ਅੱਜ ਨਗਰ ਨਿਗਮ ਫਗਵਾੜਾ ਦੀ ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ ਦੀ ਅਗਵਾਈ ਹੇਠ ਏ.ਡੀ.ਸੀ. ਨੂੰ ਮਿਲਿਆ ਅਤੇ ਇਕ ਮੰਗ ਪੱਤਰ ਦਿੰਦਿਆਂ ਕੂੜੇ ਦੇ ਢੇਰ ਨਾ ਚੁਕਵਾਏ ਜਾਣ ਕਰਕੇ ਮੁਹੱਲਾ ਭਗਤਪੁਰਾ ਪ੍ਰੀਤ ਨਗਰ ਦੇ ਲੋਕਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਬਾਰੇ ਦੱਸਿਆ। ਇਸ ਤੋਂ ਇਲਾਵਾ ਉਪਰੋਕਤ ਬਾਕੀ ਮੁਹੱਲਿਆਂ ਵਿਚ ਵਾਟਰ ਪੰਪ ਖਰਾਬ ਹੋਣ ਦੇ ਚਲਦਿਆਂ ਲੋਕਾਂ ਨੂੰ ਗਰਮੀ ਦੇ ਮੌਸਮ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਰੁਸਤ ਕਰਵਾਉਣ ਦੀ ਮੰਗ ਕੀਤੀ। ਏ.ਡੀ.ਸੀ. ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ ਨੇ ਦੱਸਿਆ ਕਿ ਕਾਰਪੋਰੇਸ਼ਨ ਦੀ ਮਾੜੀ ਕਾਰਗੁਜਾਰੀ ਦੇ ਚਲਦਿਆਂ ਉਪਰੋਕਤ ਮੁਹੱਲਿਆਂ ਦੇ ਲੋਕ ਨਰਕ ਭਰੀ ਜਿੰਦਗੀ ਜੀਉਣ ਲਈ ਮਜਬੂਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਮੁਹੱਲਾ ਭਗਤਪੁਰਾ ਅਤੇ ਪ੍ਰੀਤ ਨਗਰ ਵਿਚ ਦੋ ਕੂੜੇ ਦੇ ਡੰਪ ਹਨ ਜਿੱਥੋਂ ਕੂੜਾ ਨਹੀਂ ਚੁਕਵਾਇਆ ਜਾ ਰਿਹਾ। ਹਰ ਸਮੇਂ ਵਾਤਾਵਰਣ ਦੂਸ਼ਿਤ ਰਹਿੰਦਾ ਹੈ। ਆਵਾਰਾ ਪਸ਼ੂ ਇਹਨਾਂ ਕੂੜੇ ਦੇ ਢੇਰਾਂ ਵਿਚ ਮੂੰਹ ਮਾਰਦੇ ਹਨ ਅਤੇ ਤੇਜ ਹਵਾਵਾਂ ਚੱਲਣ ਤੇ ਇਹ ਕੂੜਾ ਸੜਕਾਂ ਤੇ ਖਿਲਰਦਾ ਹੈ ਅਤੇ ਲੋਕਾਂ ਦੇ ਘਰਾਂ ‘ਚ ਵੜਦਾ ਹੈ। ਇਸ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਨਗਰ, ਆਦਰਸ਼ ਨਗਰ ਤੇ ਮਨਸਾ ਦੇਵੀ ਨਗਰ ਵਿਖੇ ਪਾਣੀ ਦੀਆਂ ਮੋਟਰਾਂ ਖਰਾਬ ਪਈਆਂ ਹਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਦੱਸਿਆ ਕਿ ਏ.ਡੀ.ਸੀ. ਫਗਵਾੜਾ ਨੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਤਲਬ ਕਰਕੇ ਇਹਨਾਂ ਸਮੱਸਿਆਵਾਂ ਨੂੰ ਤੁਰੰਤ ਦੂਰ ਕਰਨ ਦੀ ਹਦਾਇਤ ਕੀਤੀ ਹੈ ਪਰ ਫਿਰ ਵੀ ਜੇਕਰ ਸਮੱਸਿਆਵਾਂ ਦਾ ਢੁਕਵਾਂ ਹਲ ਨਾ ਹੋਇਆ ਤਾਂ ਸਮੂਹ ਮੁਹੱਲਾ ਨਿਵਾਸੀ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਾਧੂ ਸਿੰਘ ਜੱਸਲ, ਸਰਬਜੀਤ ਸਿੰਘ ਕਾਕਾ, ਜਤਿੰਦਰ ਸ਼ਰਮਾ, ਗੁਰਦੀਪ ਸੈਣੀ, ਨਰਿੰਦਰ ਸਿੰਘ, ਪਰਮਜੀਤ ਸਿੰਘ, ਭਗਵਾਨ ਸਿੰਘ, ਅਨਿਲ ਬੱਗਾ, ਅਨਿਲ ਗੋਗਨਾ, ਜਸਵਿੰਦਰ ਕੌਰ, ਜਸਵੀਰ ਕੌਰ ਆਦਿ ਹਾਜਰ ਸਨ।
Comments
Post a Comment