ਭਾਸ਼ਾਵਾਂ ਸੱਭਿਅਤਾਵਾਂ ਦੇ ਵਿਚਕਾਰ ਪੁਲ ਦਾ ਕਾਰਜ ਕਰਦੀਆਂ ਹਨ
ਪੰਜਾਬ ਸਾਹਿਤ ਅਕਾਦਮੀ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਪ੍ਰਸੰਗ ਵਿਚ ਅੰਤਰਭਾਸ਼ਾਈ ਮੁਸ਼ਾਇਰਾ ਕਰਵਾਇਆ ਗਿਆ...
ਪੰਜਾਬ ਸਾਹਿਤ ਅਕਾਦਮੀ ਵੱਲੋਂ ਆਪਣੇ ਮਹੀਨੇਵਾਰ ਫੀਚਰ ‘ਬੰਦਨਵਾਰ’ ਦੇ ਤਹਿਤ ਇਸ਼ ਵਾਰ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਪ੍ਰਸੰਗ ਵਿਚ ਆਨਲਾਈਨ ਅੰਤਰਭਾਸ਼ਾਈ ਮੁਸ਼ਾਇਰਾ ਕਰਵਾਇਆ ਗਿਆ। ਇਸ ਮੁਸ਼ਾਇਰੇ ਵਿਚ ਰਾਜਸਥਾਨੀ ਕਵੀ ਅਰਜੁਨ ਦੇਵ ਚਾਰਨ, ਮਰਾਠੀ ਕਵੀ ਦਾਮੋਦਰ ਮੋਰੇ, ਕੰਨੜ ਕਵੀ ਪ੍ਰੋ. ਧਰਨੇਂਦਰ ਕੁਰਕੁਰੇ, ਦਿੱਲੀ ਤੋਂ ਪੰਜਾਬੀ ਕਵੀ ਵਨੀਤਾ, ਪੰਜਾਬ ਤੋਂ ਪੰਜਾਬੀ ਕਵੀ ਗੁਰਪ੍ਰੀਤ, ਤਰਸੇਮ, ਮਨਪ੍ਰੀਤ ਟਿਵਾਣਾ, ਹਰਪ੍ਰੀਤ ਸੰਧੂ ਅਤੇ ਪੁਆਧੀ ਉਪਭਾਸ਼ਾ ਦੇ ਕਵੀ ਚਰਨ ਪੁਆਧੀ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸੱਕਤਰ ਡਾ. ਲਖਵਿੰਦਰ ਜੌਹਲ, ਵਿਸ਼ੇਸ਼ਗ ਟਿੱਪਣੀ ਦੇ ਰੂਪ ਵਿਚ ਡਾ. ਸਤੀਸ਼ ਕੁਮਾਰ ਵਰਮਾ ਅਤੇ ਪ੍ਰਧਾਨਗੀ ਦੇ ਰੂਪ ਵਿਚ ਡਾ. ਸਰਬਜੀਤ ਕੌਰ ਸੋਹਲ ਸ਼ਾਮਿਲ ਹੋਏ। ਕਵੀ ਦਰਬਾਰ ਦੇ ਹੋਸਟ ਡਾ. ਕੁਲਦੀਪ ਸਿੰਘ ਦੀਪ ਦੁਆਰਾ ਸ਼ਾਰਿਆਂ ਦਾ ਸੁਆਗਤ ਕੀਤੇ ਜਾਣ ਤੋਂ ਬਾਅਦ ਵਿਸ਼ੇਸ਼ਗ ਟਿੱਪਣੀ ਦੇ ਰੂਪ ਵਿਚ ਬੋਲਦਿਆਂ ਡਾ. ਸਤੀਸ਼ ਕੁਮਾਰ ਵਰਮਾ ਜੀ ਕਿਹਾ ਕਿ ਸਦੀਆਂ ਤੋਂ ਭਾਸ਼ਾਵਾਂ ਇਕ ਦੂਜੇ ਨਾਲ ਆਦਾਨ-ਪ੍ਰਦਾਨ ਕਰਦੀਆਂ ਰਹੀਆਂ ਹਨ। ਭਾਸ਼ਾਵਾਂ ਵਿਚ ਵੀ ਉਵੇਂ ਸਰੱਹਦਾਂ ਨਹੀਂ ਹੋਣੀਆਂ ਚਾਹੀਦੀਆਂ, ਜਿਵੇਂ ਪੰਛੀਆਂ, ਹਵਾਵਾਂ ਅਤੇ ਪਾਣੀਆਂ ਦੇ ਮਾਮਲੇ ਵਿਚ ਕੁਦਰਤ ਨੇ ਕੋਈ ਸਰੱਹਦਾਂ ਨਹੀਂ ਬਣਾਈਆਂ। ਦਾਮੋਦਰ ਮੋਰੇ ਨੇ ‘ਮੇਰੀ ਪਿਆਰੀ ਮਰਾਠੀ ਮਈਆ’ ਕਵਿਤਾ ਰਾਹੀਂ ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ‘ਤੇਰੀ ਜੈ ਪੰਜਾਬੀ ਮਾਤਾ’ ਦੀ ਯਾਦ ਕਰਵਾਈ। ਅਰਜੁਨ ਦੇਵ ਚਾਰਨ ਦੀ ਕਵਿਤਾ ‘ਮੁਆਫੀਨਾਮਾ’ ਭਾਸ਼ਾ ਦੀ ਸਿਆਸਤ ਤੇ ਬਹੁਤ ਤਿੱਖਾ ਕਟਾਖਸ਼ ਕਰਦੀ ਹੈ ਜਿਸ ਦੇ ਤਹਿਤ ਮਨੁੱਖ ਦੀ ਭੁੱਖ ਨੂੰ ਬਾਜ਼ਾਰ ਨੇ ਹਾਈਜੈਕ ਕਰਕੇ ਭਾਸ਼ਾ ਤੇ ਵੱਡਾ ਹਮਲਾ ਕੀਤਾ। ਬਾਕੀ ਸਾਰੇ ਕਵੀਆਂ ਨੇ ਵੀ ਭਾਸ਼ਾ ਦੀਆਂ ਬਹੁਤ ਮਹੀਨ ਪਰਤਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਛੂਹਿਆ। ਡਾ; ਲਖਵਿੰਦਰ ਜੌਹਲ ਨੇ ਕਿਹਾ ਕਿ ਭਾਸ਼ਾਵਾਂ ਮਨੁੱਖੀ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ। ਉਹਨਾਂ ਇਹ ਦੁਆ ਵੀ ਕੀਤੀ ਕਿ ਦੁਨੀਆਂ ਤੋਂ ਯੁੱਧ ਦੇ ਬੱਦਲ ਜਲਦੀ ਛਟ ਜਾਣ ਅਤੇ ਹਰ ਖਿੱਤੇ ਦੇ ਲੋਕ ਖੁਸ਼ੀ-ਖੁਸ਼ੀ ਵੱਸਣ। ਡਾ. ਸਰਬਜੀਤ ਕੌਰ ਸੋਹਲ ਨੇ ਸਾਰੇ ਮਹਿਮਾਨ ਕਵੀਆਂ, ਲੇਖਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਆਉਣ ਵਾਲੇ ਦਿਨਾਂ ਵਿਚ ਅੰਤਰਰਾਸ਼ਟਰੀ ਸਾਹਿਤ ਉਤਸਵ ਦਾ ਆਯੋਜਨ ਕਰਨ ਦੇ ਨਾਲ ਨਾਲ ਹੋਰ ਕਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ। ਇਹਨਾ ਸਾਰੇ ਕਵੀਆਂ ਦੀਆਂ ਕਵਿਤਾਵਾਂ, ਵਿਸ਼ੇਸ਼ ਤੌਰ ਤੇ ਦੂਜੀਆਂ ਭਾਰਤੀਆਂ ਭਾਸ਼ਾਵਾਂ ਦੀ ਕਵਿਤਾ ਸੁਣਨ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਸਾਰੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਲਈ ਇਸ ਵੇਲੇ ਇੱਕੋ ਜਿਹੀਆਂ ਚੁਣੌਤੀਆਂ ਹੀ ਹਨ ਅਤੇ ਸਿਆਸਤ ਇਹਨਾਂ ਤੇ ਅੰਗਰੇਜ਼ੀ ਦਾ ਸੱਭਿਆਚਾਰ ਥੋਪ ਕੇ ਭਾਸ਼ਾਵਾਂ ਦੇ ਵਿਨਾਸ਼ ਦੇ ਰਾਹ ਪਏ ਹੋਏ ਹਨ। ਭਾਸ਼ਾਵਾਂ ਰਾਹੀਂ ਇਕ ਦੂਜੇ ਦੇ ਸਰੋਕਾਰਾਂ ਨੂੰ ਸਮਝਣ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਪ੍ਰਤੀ ਸੂਝ ਦਾ ਅਹਿਸਾਸ ਪੈਦਾ ਕਰਨ ਦੇ ਨਜ਼ਰੀਏ ਤੋਂ ਇਹ ਕਵੀ ਦਰਬਾਰ ਬਹੁਤ ਮਹੱਤਵਪੂਰਨ ਸੀ। ਇਸ ਆਨਲਾਈਨ ਕਵੀ ਦਰਬਾਰ ਵਿਚ ਉਪਰੋਕਤ ਤੋਂ ਇਲਾਵਾ ਅੰਜਨਾ ਮੈਨਨ, ਡਾ. ਗਗਨਦੀਪ ਸਿੰਘ, ਡਾ, ਸੂਰੀਆ ਖੁਸ਼, ਰਮਿੰਦਰ ਕੌਰ ਰਮੀ , ਡਾਕਟਰ ਅਮਨਦੀਪ ਕੌਰ ਬਰਾੜ , ਡਾ. ਹਰਸ਼ਰਨ ਕੌਰ, ਲੱਕੀ ਮਰਾੜ ਸਮੇਤ ਬਹੁਤ ਸਾਰੇ ਹੋਰ ਮਾਤ ਭਾਸ਼ਾ ਪ੍ਰੇਮੀਆਂ ਨੇ ਭਾਗ ਲਿਆ।
ਡਾਕਟਰ ਕੁਲਦੀਪ ਸਿੰਘ ਦੀਪ ਕਨਵੀਨਰ ।
ਮੀਟਿੰਗ ਹੋਸਟ ਤੇ ਕਾਰਜਕਾਰਨੀ ਮੈਂਬਰ
ਪੰਜਾਬ ਸਾਹਿਤ ਅਕਾਦਮੀ ।
Comments
Post a Comment