ਮਿੰਨੀ ਕਹਾਣੀ - ਮੂੰਹ-ਮੁਲਾਝਾ
ਪਰਸੋਂ ਦੀ ਗੱਲ ਐ, ਸਾਡੇ ਪਿੰਡ ਆਲਾ ਚਾਚਾ ਕੈਲਾ ਸਿਉਂ ਮੂੰਹ-ਨੇਰੇ ਸਾਡੇ ਘਰ ਆ ਵੜਿਆ । ਮੈਂ ਕਿਹਾ ਆ ਚਾਚਾ ਕਿਵੇਂ ਕੀ ਹਾਲ ਅੱਜ ਕਿਵੇਂ ਆਉਣਾ ਹੋਇਆ । ਅੰਦਰੋ-ਅੰਦਰੀ ਡਰ ਕਿਤੇ ਚਾਚਾ ਵੋਟ ਪਾਉਣ ਨੂੰ ਨਾ ਆਖ ਦੇਵੇ। ਪਰ ਗੱਲ ਅੰਦਰੋਂ ਹੋਰ ਈ ਨਿਕਲੀ ਚਾਚੇ ਨੇ ਚਾਹ ਪੀ ਕੇ ਬਾਟੀ ਮੰਜੇ ਹੇਠ ਪਾਵੇ ਕੋਲ ਰੱਖਦਿਆਂ ਹੌਂਸਲਾ ਜਿਹਾ ਕਰ ਕਹਿ ਦਿੱਤੀ
ਭਤੀਜ ਗੱਲ ਕੁਝ ਇਸ ਤਰ੍ਹਾਂ ਮੇਰੇ ਪਰਿਵਾਰ ਨੇ ਇੱਕੋ ਪਾਰਟੀ ਨਾਲ ਸਾਰੀ ਉਮਰ ਲੰਘਾਤੀ। ਇਹ ਤੈਨੂੰ ਵੀ ਪਤਾ ਐ। ਪਰ ਇਸ ਵਾਰ ਸੋਚ -ਵਿਚਾਰ ਕੀਤਾ ਕਿ ਯਾਰ ਹੁਣ ਤੱਕ ਇੱਕੋ ਪਾਰਟੀ ਨੂੰ ਜਿਤਾਉਂਦੇ ਰਹੇ। ਅੱਧਾ ਪਿੰਡ ਵੋਟਾਂ ਆਪਣੇ ਕਹੇ ਪਾਉਦਾ ਰਿਹਾ ਸੀ। ਪਰੰਤੂ ਇਹਨਾਂ ਸਰਕਾਰਾਂ ਨੇ ਸਮਾਜ ਨੂੰ ਨਸ਼ਾ, ਬੇਰੋਜਗਾਰੀ, ਅਨਪੜ੍ਹਤਾ, ਮਹਿੰਗਾਈ ਤੋਂ ਬਿਨਾਂ ਦਿੱਤਾ ਵੀ ਕੀ ਐ ? ਮੈਂ ਚਾਚਾ ਮੈਂ ਸਮਝਿਆ ਨਈਂ ਤੁਸੀਂ ਕਹਿੰਣਾ ਕੀ ਚਾਹੁੰਦੇ ਓ ?
ਅਸੀ ਇਸ ਵਾਰ ਆਪਣੀ ਇਸ ਤੀਜੀ ਪਾਰਟੀ ਨੂੰ ਵੋਟ ਪਾਉਣੀ ਐ। ਮੈਂ ਹੈਰਾਨ ਸੀ। ਇਹ ਤਾਂ ਬਿਲਕੁਲ ਉਲਟ ਹੋ ਗਿਆ । ਚਾਚੇ ਨੂੰ ਪਲਟਾ ਕੇ ਨਾਲ ਹੀ ਕਹਿ ਤਾ ਚਾਚਾ ਕਿਉਂ ਕੰਡਿਆਂ ਉਤੋਂ ਘੜੀਸਦਾ ਐ। ਤੂੰ ਪਰਸੋਂ ਤਾਂ ਤੇਰੀ ਪਾਰਟੀ ਦੇ ਇਕੱਠ ਨਾਲ ਵੋਟਾਂ ਮੰਗਦਾ ਤੁਰਿਆ ਫਿਰਦਾ ਸੀ । ਮੈਂ ਤਾਂ ਕੈਲੇ ਚਾਚੇ ਦੀ ਗੱਲ ਤੋਂ ਹੈਰਾਨ ਐ। ਮੈਂਨੂੰ ਕਹਿੰਦਾ ਭਤੀਜ ਤੂੰ ਸੱਚਾ ਐ। ਸਾਲਾ ਇੱਕ ਦਮ ਵੀ ਪਾਰਟੀ ਨਾਲੋਂ ਕਿਵੇਂ ਟੁੱਟੀਏ ? ਉਹ ਤਾਂ ਇੱਕ ਦੋ ਚੋਣਾਂ ਚ ਲੋਕ ਦਿਖਾਵਾ ਕਰਨਾ ਪਾਰਟੀ ਦਾ "ਮੂੰਹ-ਮੁਲਾਝਾ" ਰੱਖਣ ਵਾਸਤੇ। ਨਾਲੇ ਭਤੀਜ ਸਿਆਣੇ ਕਹਿੰਦੇ ਨਵੀਂ ਘੋੜੀ ਦੇ ਦੰਦ ਵੀ ਦੇਖਣੇ ਚਾਹੀਦੇ ਐ। ਮੈਂ ਕਿਹਾ ਚਾਚਾ ਸਹੀ ਗੱਲ ਐ। ਨਾਲੇ ਮੈਂਨੂੰ ਮਧਮ ਜਿਹੀ ਆਵਾਜ਼ ਚ ਮੂੰਹ ਨੇੜੇ ਕਰਕੇ ਕਹਿੰਦਾ । ਅਖੇ !! ਮੇਰੇ ਬਾਰੇ ਪਾਰਟੀ ਦੇ ਉਮੀਦਵਾਰ ਚੰਗੀ ਤਰ੍ਹਾਂ ਦੱਸ ਦੇਈਂ ਚੰਗਾ ਭਤੀਜ ਕਿਸੇ ਹੋਰ ਨੂੰ ਨਾ ਪਤਾ ਲੱਗ ਜੇ ਮੈਂ ਚਲਦਾ । ਚਾਚਾ ਕੈਲਾ ਚੱਕਮੇ ਪੈਰੀਂ ਗੇਟੋ ਨਿਕਲ ਗਿਆ। ਮੈਂਨੂੰ ਬੜੀ ਖੁਸ਼ ਹੋਈ ਕਿ ਇਸ ਵਾਰ ਸਾਡੀ ਆਮ ਲੋਕਾਂ ਦੀ ਪਾਰਟੀ ਦੀ ਜਿੱਤ ਅਤੇ ਸਰਕਾਰ ਪੱਕੀ ਯਕੀਨੀ ਬਣੂ। ਨਾਲੇ ਕੈਲੇ ਚਾਚੇ ਬਾਰੇ ਵੀ ਸੋਚ ਰਿਹਾ ਸੀ।
ਲੇਖਕ
ਬੀ. ਸਿੰਘ ਕੋਹਾਰ
ਪਿੰਡ ਤੇ ਡਾਕ: ਕੋਹਾਰਵਾਲਾ
ਜਿਲ੍ਹਾ ਫਰੀਦਕੋਟ 151204
ਮੋਬਾਈਲ-9815985980
Comments
Post a Comment